ਅਨਮੋਲ ਤੋਹਫਾ ਹੈ ਕਲਮ
"ਚੱਲ ਕਲਮ ਨੂੰ ਨਾਲ ਲੈ ਕੇ ਚੱਲੀਏ.... ਸਫ਼ਰ ਲੰਬਾ ਹੈ ਜਿੰਦਗੀ ਦਾ
ਹਾਦਸਿਆਂ ਦੇ ਦੌਰ ਚੋਂ ਗੁਜਰਦਿਆਂ , ਸ਼ਾਇਦ ਕੋਈ ਕਹਾਣੀ ਬਣ ਜਾਵੇ ."
- ਅਕਸ
ਕਲਮ ਸਭ ਤੋਂ ਵੱਡੀ ਤਾਕਤ ਹੈ ,
ਕਲਮ ਸਭ ਤੋਂ ਬੁਲੰਦ ਆਵਾਜ਼ ਹੈ ,
ਕਲਮ ਸਭ ਤੋਂ ਉੱਚੀ ਚੀਖ ਹੈ ,
ਕਲਮ ਸਭ ਤੋਂ ਤਿੱਖੀ ਧਾਰ ਹੈ ,
ਕਲਮ ਸਭ ਤੋਂ ਵੱਧ ਮਾਸੂਮ ਹੈ ,
ਕਲਮ ਸਭ ਤੋਂ ਪਿਆਰਾ ਰੰਗ ਹੈ ,
ਕਲਮ ਸਭ ਤੋਂ ਅਨਮੋਲ ਤੋਹਫਾ ਹੈ ,
ਕਲਮ ਸਭ ਤੋਂ ਅਜੀਜ਼ ਰਿਸ਼ਤਾ ਹੈ ,
ਕਲਮ ਸਭ ਤੋਂ ਲੰਬਾ ਸਫ਼ਰ ਹੈ ,
ਕਲਮ ਸਭ ਤੋਂ ਸੱਚਾ ਮਿੱਤਰ ਹੈ ,
ਕਲਮ ਸਭ ਤੋਂ ਜਿਆਦਾ ਸੱਚੀ ਹੈ ,
ਕਲਮ ਸਭ ਤੋਂ ਪਾਕ-ਪਵਿੱਤਰ ਹੈ .
ਕਲਮ ਸਭ ਤੋਂ ਵੱਡੀ ਸਾਂਝ ਹੈ ..................
ਕਲਮ ਦੀ ਸਾਂਝ ਵਿੱਚ ਆਪਣੀਆਂ ਸਾਂਝਾਂ ਵਧਾਉਂਦੇ ਦੋਸਤੋ , ਮੇਰੇ ਵੱਲੋਂ ਸਭ ਨੂੰ ਅਤੇ ਸਭ ਦੀਆਂ ਕਲਮਾਂ ਨੂੰ ਸਲਾਮ .ਆਪ ਸਭ ਨੇ "ਸਾਂਝੀ ਕਲਮ" ਨੂੰ ਜੋ ਪਿਆਰ ਸਤਿਕਾਰ ਦਿੱਤਾ ਹੈ , ਓਹ ਬੇ-ਮੁੱਲ ਹੈ . ਆਪ ਸਭ ਦੀਆਂ ਰਚਨਾਵਾਂ ਬੜੀਆਂ ਅਨਮੋਲ ਨੇ . ਪਾਠਕਾਂ ਨੇ ਵੀ ਸਭ ਰਚਨਾਵਾਂ ਨੂੰ ਸਿਰ-ਮੱਥੇ ਸਤਿਕਾਰਿਆ ਹੈ . "ਸਾਂਝੀ ਕਲਮ" ਦਾ ਦੂਸਰਾ ਅੰਕ ਪਹਿਲੇ ਅੰਕ ਨਾਲੋਂ ਵੀ ਵੱਧ ਪੜ੍ਹਿਆ ਗਿਆ ,ਪਹਿਲਾਂ ਨਾਲੋਂ ਵੱਧ ਦੇਸ਼ਾਂ ਵਿੱਚੋਂ ਪਿਆਰ ਦੀਆਂ ਮਹਿਕਾਂ ਇਸ ਪਰਚੇ ਤੱਕ ਪਹੁੰਚੀਆਂ ਨੇ .ਇਹ ਸਭ ਤੁਹਾਡੀ ਅਪਣੱਤ ਦੀ ਬਦੌਲਤ ਹੈ. ਉਮੀਦ ਕਰਦਾਂ ਕਿ ਇਸ ਅੰਕ ਨੂੰ ਉਸ ਤੋਂ ਵੀ ਵੱਧ ਪਿਆਰ ਮਿਲੇ . ਤੁਹਾਨੂੰ "ਸਾਂਝੀ ਕਲਮ" ਪਰਚਾ ਕਿਸ ਤਰ੍ਹਾਂ ਲੱਗਿਆ ਜਾਂ ਤੁਸੀਂ ਇਸ ਵਿੱਚ ਕੋਈ ਤਬਦੀਲੀ ਚਾਹੁੰਦੇ ਹੋ ਜਰੂਰ ਲਿਖਣਾ .
ਤੁਹਾਡੇ ਸੁਨੇਹੇ ਦੀ ਉਡੀਕ ਵਿੱਚ ਤੁਹਾਡਾ ਆਪਣਾ ...
ਅਕਸ ਮਹਿਰਾਜ
ਮੁੱਖ ਸੰਪਾਦਕ
ਸਾਂਝੀ ਕਲਮ (ਆਨਲਾਇਨ ਮਾਸਿਕ ਪੰਜਾਬੀ ਮੈਗਜ਼ੀਨ)
ਈ-ਮੇਲ : aksmehraj@yahoo.in
********************************************************************
ਦੋ ਸ਼ਬਦ
![]() |
ਅਮਰਦੀਪ ਸਿੰਘ ਗਿੱਲ |
ਮੈਕਸਿਮ ਗੋਰਕੀ ਦਾ ਕਥਨ ਹੈ ਕਿ ਚੰਗੀ ਜ਼ਿੰਦਗੀ ਦਾ ਰਾਹ ਚੰਗੀਆਂ ਕਿਤਾਬਾਂ ਵਿੱਚ ਦੀ ਹੋ ਕੇ ਗੁਜ਼ਰਦਾ ਹੈ , ਇਹ ਕਥਨ ਹਮੇਸ਼ਾ ਹੀ ਸੱਚ ਰਹੇਗਾ ਬੇਸ਼ੱਕ ਕਿਤਾਬਾਂ , ਸਾਹਿਤ ਦਾ ਰੂਪ ਸਮੇਂ ਦੇ ਨਾਲ ਬਦਲ ਜਾਵੇ । ਹੁਣ ਅਸੀਂ ਵੀ ਇਸ ਬਦਲੇ ਰੂਪ ਵਿੱਚੋਂ ਗੁਜ਼ਰ ਰਹੇ ਹਾਂ , " ਇੰਟਰਨੈੱਟ " ਤੇ ਪੜਿਆ ਜਾਣ ਵਾਲਾ ਸਾਹਿਤ ਕਾਗਜ਼ੀ ਕਿਤਾਬਾਂ ਦਾ ਬਦਲਿਆ ਰੂਪ ਹੀ ਹੈ ਪਰ ਮੈਂ ਖੁਸ਼ ਹਾਂ ਕਿ ਨਵੀਂ ਪੀੜੀ ਦੇ ਲੇਖਕ - ਪਾਠਕ ਇਸ ਰੂਪ ਨੂੰ ਵੱਡੇ ਪੱਧਰ ਤੇ ਅਪਣਾ ਰਹੇ ਨੇ । "ਸਾਂਝੀ ਕਲਮ" ਵੀ ਨਵੀਂ ਪੀੜੀ ਦੇ ਇਸੇ ਤਰਾਂ ਦੇ ਉੱਦਮ ਦੀ ਉਦਾਹਰਣ ਹੈ । ਪ੍ਰਸਿੱਧ ਸ਼ਾਇਰ ਦੁਸ਼ਿਅੰਤ ਕੁਮਾਰ ਦੇ ਸ਼ੇਅਰ ਵਾਂਗ "ਆਗ ਜਲਨੀ ਚਾਹੀਏ "ਉਹ ਅੱਗਕਿਵੇਂ ਜਲ ਸਕਦੀ ਹੈ ਇਹ ਕੋਈ ਬਹਿਸ ਦਾ ਜਾਂ ਚਿੰਤਾ ਦਾ ਮੁੱਦਾ ਨਹੀਂ ਹੈ । ਵਿਚਾਰ-ਪ੍ਰਵਾਹ ਜ਼ਰੂਰੀ ਹੈ । ਕਿਤਾਬਾਂ , ਸਾਹਿਤ , ਕਲਾ ਸਭ ਜਾਗ੍ਰਿਤ ਲੋਕਾਂ ਦੀ ਪਛਾਣ ਹੁੰਦੇ ਨੇ , ਮੈਂਨੂੰ ਲਗਦਾ ਹੈ ਕਿ "ਸਾਂਝੀ ਕਲਮ" ਦੇ ਲੇਖਕ ਤੇ ਪਾਠਕ ਜਾਗਦੇ ਲੋਕਾਂ 'ਚ ਸ਼ੁਮਾਰ ਨੇ , ਮੈਂ ਜਾਗਦੇ ਲੋਕਾਂ ਨੂੰ ਸਦਾ ਸਲਾਮ ਕਰਦਾ ਹਾਂ ! ਇਸ ਉੱਦਮ ਪਿਛਲੇ ਹਰ ਨਾਮਵਰ ਤੇ ਗੁੰਮਨਾਮ ਕਾਮੇ ਨੂੰ ਮੇਰਾ ਸਜ਼ਦਾ ! ਤਹਿ-ਦਿਲੋਂ ਮੁਬਾਰਕਾਂ !
- ਅਮਰਦੀਪ ਸਿੰਘ ਗਿੱਲ 9988262870
- ਅਮਰਦੀਪ ਸਿੰਘ ਗਿੱਲ 9988262870
********************************************************************
********************************************************************